‘ਯੁੱਧ ਨਸ਼ਿਆਂ ਵਿਰੁੱਧ’ ਜਾਰੀ: ਮੋਚੀਆ ਮੁਹੱਲਾ ਬਸਤੀ ਸ਼ੇਖ ਜਲੰਧਰ ਵਿੱਚ ਨਸ਼ਾ ਤਸਕਰ ਦੀ ਗੈਰਕਾਨੂੰਨੀ ਇਮਾਰਤ ਢਾਹੀ ਗਈ
ਨਗਰ ਨਿਗਮ ਅਤੇ ਪੁਲਿਸ ਦਾ ਸਾਂਝਾ ਐਕਸ਼ਨ — ਨਸ਼ਾ ਵਿਰੁੱਧ ਮੁਹਿੰਮ ਹੋਈ ਹੋਰ ਮਜ਼ਬੂਤ
ਸਕਸ਼ਮ ਪੰਜਾਬ/ਕੇਵਲ ਕ੍ਰਿਸ਼ਨ
ਜਲੰਧਰ, 24 ਨਵੰਬਰ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਚੱਲ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਹੇਠ ਅੱਜ ਜਲੰਧਰ ਵਿੱਚ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ। ਜਲੰਧਰ ਮਿਊਂਸਪਲ ਕਾਰਪੋਰੇਸ਼ਨ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਮੋਚੀਆ ਮੁਹੱਲਾ, ਬਸਤੀ ਸ਼ੇਖ ਵਿੱਚ ਇੱਕ ਨਸ਼ਾ ਤਸਕਰ ਦੀ ਗੈਰਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ।
ਪੁਲਿਸ ਕਮਿਸ਼ਨਰ ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਸਾਂਝੀ ਤੌਰ ’ਤੇ ਕੀਤੀ ਗਈ। ਜੁਆਂਇੰਟ ਪੁਲਿਸ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਸ਼ਰਮਾ ਨੇ ਖੁਦ ਮੌਕੇ ’ਤੇ ਪਹੁੰਚ ਕੇ ਇਸ ਕਾਰਵਾਈ ਦੀ ਨਿਗਰਾਨੀ ਕੀਤੀ।
ਵਿਸ਼ਾਲ ਉਰਫ਼ ਲੋਟਾ, ਪੁੱਤਰ ਪਿੰਕਾ, ਨਿਵਾਸੀ ਮਕਾਨ ਨੰਬਰ WP-51, ਮੋਚੀਆ ਮਹੱਲਾ, ਬਸਤੀ ਸ਼ੇਖ (ਥਾਣਾ ਡਿਵਿਜ਼ਨ ਨੰਬਰ 5) ਵਲੋਂ ਕੀਤੀ ਗਈ ਗੈਰਕਾਨੂੰਨੀ ਉਸਾਰੀ ਨੂੰ ਢਾਹਿਆ ਗਿਆ । ਵਿਸ਼ਾਲ ਉਰਫ਼ ਲੋਟਾ ਖ਼ਿਲਾਫ਼ NDPS ਐਕਟ ਅਧੀਨ ਸੱਤ ਮੁਕੱਦਮੇ ਦਰਜ ਹਨ।
ਜਲੰਧਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਸਖਤ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
ਜਲੰਧਰ ਕਮਿਸ਼ਨਰੇਟ ਪੁਲਿਸ ਦੀ ਜਨਤਾ ਨੂੰ ਅਪੀਲ ਹੈ ਕਿ ਨਸ਼ਾ ਤਸਕਰੀ ਜਾਂ ਨਸ਼ੇ ਨਾਲ ਜੁੜੀ ਕੋਈ ਵੀ ਜਾਣਕਾਰੀ ਸਰਕਾਰੀ ਵਟਸਐਪ ਨੰਬਰ 9779-100-200 ’ਤੇ ਸਾਂਝੀ ਕਰੋ। ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

